Tuesday, May 12, 2009

ਬੂੱਚੜਖਾਨਾ

ਲੋਕਤੰਤਰ ਦੇ ਦਲਾਲਾਂ ਵਾਸਤੇ
ਇਕੱਠ ਕਰਨ ਲਈ
ਪਿੰਡ ਦੇ ਲੋਕਾਂ ਨੂੰ
ਬੂੱਚੜਖਾਨੇ ਲਿਜਾਣ ਵਾਲੀਆਂ
ਗਾਵਾਂ ਵਾਂਗ
ਘੇਰਾ ਪਾ ਕੇ
ਟਰਾਲੇ ਵਿੱਚ ਥੁੱਨ ਲਿਆ ਜਾਂਦਾ ਹੈ
ਪਰ ਇਹ ਖੁਸ਼ ਹਨ
ਮੁਫਤ ਜਾ ਰਹੇ ਨੇ
ਪਰ ਸ਼ਾਇਦ ਇਨ੍ਹਾ ਨੂੰ ਨੀ ਪਤਾ
ਇਹ ਹਲਾਲ ਹੋਣ ਤੋਂ
ਪਹਿਲਾਂ ਦੀ ਤਿਆਰੀ ਹੈ
ਖੁੱਲ੍ਹੇ ਮੈਦਾਨ ਜਾ ਕੇ ਇਨ੍ਹਾ ਦਾ
ਸੰਗਲ ਖੋਲ ਦਿੱਤਾ ਜਾਦਾਂ ਹੈ
ਇਹ ਇਨ੍ਹਾ ਦੇ ਭਾਸ਼ਨਾ ਦਾ
ਸ਼ਿਗਾਰ ਬਣਦੇ ਹਨ
ਬਾਂਦਰ ਵਾਂਗ ਮਦਾਰੀ ਦੇ ਡਮਰੂ ਵਜਾਉਣਤੇ
ਝੂਠੇ ਵਾਦਿਆਂ ਦੀ ਡੁੱਗਡੁੱਗੀ ਤੇ
ਤਾੜੀਆਂ ਮਾਰਦੇ ਨੇ
ਸ਼ਾਇਦ ਇਨ੍ਹਾ ਨੂੰ ਨੀ ਪਤਾ
ਅਗਲੇ ਪੰਜ ਸਾਲ
ਹੁਣ ਫੰਡਰ ਪਸ਼ੂ ਵਾਂਗ
ਇਨ੍ਹਾ ਕਿਸੇ ਨੂੰ ਪੁਛਣਾ ਨਹੀਂ
ਪਰ ਇਹ ਖੁਸ਼ ਹਨ
ਮੁਫਤ ਵਾਪਿਸ ਆ ਰਹੇ ਹਨ

Monday, May 4, 2009

ਬਿਰਹਾ ਦੀ ਲੋ

ਅਜੇ ਇਸ਼ਕੇ ਦੇ ਬੀਜ਼ ਨੇ
ਟੰਗੂਰ ਮਾਰਿਆ ਸੀ ਕਿ
ਬਿਰਹਾ ਦੀ ਲੋ ਵਗ ਪਈ

ਮੈਂ
ਹਰੇ ਭਰੇ ਰੁੱਖ ਤੋਂ
ਰੁੰਡ ਮਰੁੰਡ ਹੋ ਗਿਆ

ਪੱਤਝੜ ਦੇ ਪੱਤੇ ਵਾਂਗ
ਮਿੱਟੀ ਵਿੱਚ ਖਾਕ ਹੋ ਗਿਆ

ਹੁਣ ਹਾਲਤ
ਉਸ ਮਜਬੂਰ ਜੱਟ ਵਰਗੀ
ਜਿਸਦੀ ਪੱਕੀ ਫਸਲ ਅੱਗ ਲੱਗ ਗਈ

ਤੇ

ਭੜ੍ਹੀਂ ਤੇ ਖੜ੍ਹੇ ਉਸ ਸੁੱਕੇ ਰਿੰਡ ਵਰਗੀ
ਜੋ ਪਾਣੀ ਦੀ ਇੱਕ ਇੱਕ ਬੁੰਦ ਲਈ
ਤਰਸ ਰਿਹਾ

ਬਸ
ਅਜੇ ਇਸ਼ਕੇ ਦੇ ਬੀਜ਼ ਨੇ
ਟੰਗੂਰ ਮਾਰਿਆ ਸੀ ਕਿ
ਬਿਰਹਾ ਦੀ ਲੋ ਵਗ ਪਈ __

Monday, April 27, 2009

ਹੁਣ

ਨਾਂ ਹੁਣ ਕਦੇ ਹਰਟਾਂ ਦੀਆਂ ਟਿੰਡਾਂ
ਪਾਣੀ ਆਉਣਾ
ਨਾਂ ਹੁਣ ਕਦੇ ਬਲਦਾਂ ਦੀਆਂ ਟੱਲੀਆਂ
ਸੰਗੀਤ ਛੇੜਨਾ
ਨਾਂ ਹੁਣ ਕਦੇ ਕਿਸੇ ਖੇਤ ਚੋਂ ਤਿੱਤਰਾਂ
ਉਡਾਰੀ ਮਾਰਨੀ
ਨਾਂ ਹੁਣ ਕਿਸੇ ਰਾਝੇਂ ਨੇ ਹੀਰ ਲਈ
ਮੱਝੀਆਂ ਚਾਰਨੀਆਂ
ਨਾਂ ਹੁਣ ਕਿਸੇ ਸੱਸੀ ਨੇ ਪੁਨੂੰ ਲਈ
ਥਲ ਵਿਚ ਸੜਨਾ
ਨਾਂ ਹੁਣ ਕਿਸੇ ਖਿੜੇ ਫੁੱਲ ਨੂੰ ਦੇਖ ਕੇ
ਖੁਸ਼ ਹੋਣਾ
ਨਾਂ ਹੁਣ ਕਿਸੇ ਰੇਤੇ ਤੇ ਪਈਆਂ ਕਣੀਆਂ ਦੀ
ਖੁਸ਼ਬੂ ਨੂੰ ਮਾਨਣਾ
ਨਾਂ ਹੁਣ ਕਿਸੇ ਮੋਰ ਨੇ ਬਾਗ਼ੀ
ਪੈਲਾਂ ਪਾਉਣੀਆਂ
ਨਾਂ ਹੁਣ ਕਿਸੇ ਗੋਕਲਮੱਲ ਦੀ ਹੱਟੀ ਤੋਂ
ਰੁੰਗਾਂ ਲੈਣਾ
ਨਾਂ ਹੁਣ ਕਿਸੇ ਮੱਲ ਨੇ ਮੇਲੇ ਚ
ਝੰਡੀ ਕਰਨੀ
ਨਾਂ ਹੁਣ ਕਿਸੇ ਗੱਭਰੂ ਨੇ ਓਕ ਲਾ ਕੇ
ਘਿਉ ਪੀਣਾ
ਨਾਂ ਹੁਣ ਕਿਸੇ ਬੁਰੀ ਦਾ
ਡੋਕਾ ਚੁੰਗਣਾ
ਨਾਂ ਹੁਣ ਕਿਸੇ ਇਨਸਾਫ ਲਈ
ਸੰਘਰਸ਼ ਕਰਨਾ

ਹੁਣ ਹੈ ਤੇ ਗੁਲਾਮੀ
ਹੁਣ ਹੈ ਤੇ ਆਦਮਖੋਰੀ
ਹੁਣ ਹੈ ਤੇ ਰਿਸ਼ਵਤਖੋਰੀ
ਹੁਣ ਹੈ ਤੇ ਅਫਸਰਸ਼ਾਹੀ
ਹੁਣ ਹੈ ਤੇ ਵਗਦਾ ਦਰਿਆ ਨਸ਼ਿਆਂ ਦਾ
ਹੁਣ ਹੈ ਮਰਦਾ ਆਮ ਆਦਮੀ ਹਰਪਲ

ਬਸ ਹੁਣ
ਨਹੀਂ ਹੈ ਤੇ ਅਵਾਜ ਜੁਲਮ ਖਿਲਾਫ

ਬਸ ਹੁਣ
ਨਹੀਂ ਹੈ ਤੇ ਸੰਘਰਸ਼

ਸਿਰਫ ਸੰਘਰਸ਼

Friday, April 24, 2009

ਕਿਉਂ ?

ਕਿਉਂ ਕੋਈ ਮਾਸੂਮ ਕਲਮ ਦੀ ਥਾਂ ਭੱਠੀ ਚਲਾਉਂਦਾ ਹੈ

ਕਿਉਂ ਕੋਈ ਬੱਚੀ ਬੱਸ ਵਿਚ ਭੀਖ ਲਈ ਹੱਥ ਅੱਗੇ ਕਰਦੀ ਹੈ

ਕਿਉਂ ਕੋਈ ਜਵਾਨ ਧੀ ਨੂੰ ਬੁੱਢੇ ਨਾਲ ਵਿਆਹੁੰਦਾ ਹੈ

ਕਿਉਂ ਕੋਈ ਸਰਕਾਰ ਖਿਲਾਫ ਅਵਾਜ਼ ਉਠਾਉਂਦਾ ਹੈ

ਕਿਉਂ ਕੋਈ ਜਵਾਨੀ ਆਪਣੇ ਦੇਸ਼ ਨੂੰ ਛੱਡ ਪ੍ਰਦੇਸ਼ ਜਾਂਦੀ ਹੈ

ਕਿਉਂ ਕੋਈ ਗੱਭਰੂ ਨਸ਼ੇ ਦੀ ਲੱਤ ਲਗਾਉਂਦਾ ਹੈ

ਕਿਉਂ ਕੋਈ ਅਫਸਰਸ਼ਾਹੀ ਅੱਗੇ ਡਰਦਾ ਹੱਥ ਜੋੜਦਾ ਹੈ

ਕਿਉਂ ਕੋਈ ਜ਼ਿਮੀਦਾਰ ਖੁਦਕੁਸ਼ੀ ਕਰਦਾ ਹੈ

ਕਿਉਂ ?

Sunday, April 12, 2009

ਸਚਮੁਚ

ਸਚਮੁਚ
ਬੜਾ ਦੁੱਖਦਾਇਕ ਹੁੰਦਾ ਹੈ
ਸਭ ਕੁੱਝ ਜਾਣਦੇ ਹੋਏ ਵੀ
ਸਹਿ ਜਾਣਾ ਧੱਕੇਸ਼ਾਹੀ ।
ਸਾਰੀ ਫ਼ਸਲ ਬਾਣੀਏ ਦੇ ਸੁੱਟ ਕੇ
ਖਾਲੀ ਹੱਥ ਘਰ ਨੂੰ ਵਾਪਸ ਆਉਣਾ ।
ਜ਼ਮੀਨ ਗਿਰਵੀ ਰੱਖ ਕੇ ਧੀ ਦੀ ਡੋਲੀ ਘਰੋਂ ਤੋਰਨਾਂ ।
ਸਚਮੁਚ
ਬੜਾ ਦੁੱਖਦਾਇਕ ਹੁੰਦਾ ਹੈ
ਜਵਾਨੀ ਵਿਚ ਪਿਤਾ ਦਾ
ਸਿਰ ਤੋਂ ਹੱਥ ਉੱਠ ਜਾਣਾ ।
ਸਚਮੁਚ

ਲੋਕਾਂ ਦੀ ਸਰਕਾਰ

ਜਿੱਥੇ ਬਚਪਨ ਨੂੰ ਰੋਟੀ ਲਈ
ਸੰਘਰਸ਼ ਕਰਨਾ ਪਵੇ।
ਜਿੱਥੇ ਜਵਾਨ ਪੁੱਤ ਦੇ ਕਤਲ ਦਾ
ਇਨਸਾਫ ਲੈਣ ਲਈ
ਪਿਤਾ ਦੀ ਸਾਰੀ ਉਮਰ
ਕਚਹਿਰੀ ਵਿੱਚ ਲੰਘ ਜਾਏ।
ਜਿੱਥੇ ਦੇਸ਼ ਦੇ ਅੰਨਦਾਤਾ ਨੂੰ
ਹਰ ਵਾਰ ਮੰਡੀਆਂ ਵਿੱਚ ਰੁਲਣਾ ਪਵੇ।
ਜਿੱਥੇ ਮੰਤਰੀ ਦੇ ਕਾਫ਼ਲੇ ਨੂੰ ਲੰਘਾਉਣ ਲਈ
ਲੱਖਾਂ ਲੋਕਾਂ ਨੂੰ ਤੰਗ ਹੋਣਾ ਪਵੇ।
ਜਿੱਥੇ ਉਦਘਾਟਨਾਂ ਤੇ ਕਰੋੜਾਂ ਖ਼ਰਚ ਕੀਤੇ ਜਾਣ ਤੇ
ਗਰੀਬਾਂ ਲਈ ਖਜ਼ਾਨੇ ਖਾਲੀ ਹੋਣ।
ਜਿੱਥੇ ਲੋਕਾਂ ਦੁਆਰਾ ਚੁਣੀ ਸਰਕਾਰ
ਲੋਕਾਂ ਲਈ ਨਾ ਹੋਵੇ।
ਜਿੱਥੇ ਲੋਕਾਂ ਨੂੰ
ਆਪਣੇ ਆਉਣ ਵਾਲੇ ਕੱਲ ਤੋਂ ਡਰ ਲਗਦਾ ਹੋਵੇ।
ਉਸ ਨੂੰ ਮੇਰੇ ਦੇਸ਼ ਵਿੱਚ
ਲੋਕਾਂ ਦੀ ਸਰਕਾਰ ਕਿਹਾ ਜਾਂਦਾ ਹੈ।