Sunday, May 22, 2011

ਸਫ਼ਰ

ਮੇਰੇ ਲਈ ਉਹ ਕਦ

ਆਮ ਤੋਂ ਖਾਸ ਹੋ ਗਈ

ਪਤਾ ਈ ਨੀ ਲੱਗਾ

ਕਦ ਅੱਖਾਂ ਤੋਂ ਦਿਲ ਤੱਕ ਦਾ ਸਫ਼ਰ ਤਹਿ ਕਰ ਗਈ

ਕਦ ਇਹ ਚੰਨ ਤਾਰੇ

ਸਾਡੀ ਗੱਲਾਂ ਦਾ ਹਿੱਸਾ ਬਣੇ

ਕਦ ਉਸ ਦਾ ਹੰਝੂ ਮੇਰੇ ਲਈ ਮੋਤੀ ਹੋ ਗਿਆ

ਉਹ ਨਾਲ ਹੁੰਦੀ ਤਾਂ ਤੱਤੀ ਹਵਾ ਵੀ ਮੀਂਹ ਚੋਂ ਆਉਂਦੀ ਜਾਪਦੀ

ਕਦ ਵਿਛੋੜੇ ਦਾ ਡਰ ਸੱਪ ਵਾਂਗ ਡੰਗਣ ਲੱਗਾ

ਪਤਾ ਈ ਨੀ ਲੱਗਾ

ਪਤਾ ਈ ਨੀ ਲੱਗਾ

Thursday, May 13, 2010

ਹਰ ਰੋਜ


ਹਰ ਰੋਜ

ਕੱਕੇ ਰੇਤ ਦੀ ਤਰ੍ਹਾਂ

ਲੋ '' ਤਪ ਰਿਹਾਂ

ਉਨ੍ਹਾਂ ਹਨੇਰੀਆਂ ਦੇ

ਆਉਣ ਨਾਲ

ਹੌਲੀ ਹੌਲੀ

ਘੱਟ ਰਿਹਾਂ

ਕਦੇ ਸੋਚਿਆ ਸੀ

ਬਾਗਾਂ '' ਬਹਾਰਾਂ ਬਾਰੇ

ਚਾਂਨਣੀ ਰਾਤ ਦੇ ਤਾਰਿਆਂ ਬਾਰੇ

ਪਰ ਅੱਜ

ਬਿਰਹੋ ਦੀ ਅੱਗ ''

ਮਚ ਰਿਹਾ

ਜਿਸ ਰਾਹ ਤੇ ਤੁਰਦੇ ਸੀ

ਹੱਥ '' ਹੱਥ ਪਾਕੇ

ਅੱਜ ਉਸੇ ਰਾਹ ਤੇ

ਇੱਕ ਅਜਨਵੀ ਦੀ ਤਰ੍ਹਾਂ

ਇਕੱਲਾ ਤੁਰ ਰਿਹਾਂ ਹਾਂ

ਹਰ ਰੋਜ

ਕੱਕੇ ਰੇਤ ਦੀ ਤਰ੍ਹਾਂ

ਲੋ '' ਤਪ ਰਿਹਾਂ

Wednesday, May 5, 2010

ਪਹਿਲੀ ਵਾਰ


ਤੇਰਾ ਪਹਿਲੀ ਵਾਰ

ਪਲਕਾਂ ਝੁਕਾ ਕੇ ਮਿਲਣਾ

ਲੈ ਬੈਠਾ

ਫਿਰ ਹੌਲੀ ਜਾ ਇਸ਼ਾਰਾ ਕਰਕੇ

ਤੇਰਾ ਉਸ ਰਾਹ ਤੇ

ਮੇਰੇ ਨਾਲ ਤੁਰਨਾ

ਲੈ ਬੈਠਾ

ਬੜਾ ਸਮਝਾਇਆ ਸੀ ਦਿਲ ਨੂੰ

ਕਿ ਨਾ ਸੁਣੇ

ਉਸ ਝਾਂਝਰ ਦੀ ਛਣਕਾਰ ਨੂੰ

ਪਰ

ਤੇਰਾ ਚਾਂਨਣੀ ਰਾਤ ''

ਢੇਡਾ ਜਾ ਤੱਕ ਕੇ ਮੁਸਕਰਾਉਣਾ

ਲੈ ਬੈਠਾ

ਪਲਕਾਂ ਝੁਕਾ ਕੇ

ਪਹਿਲੀ ਵਾਰ

ਤੇਰਾ ਮਿਲਣਾ

ਲੈ ਬੈਠਾ

Wednesday, March 10, 2010

ਮੈਂ ਲਾਲਚ ਹਾਂ


ਮੈਂ ਲਾਲਚ ਹਾਂ
ਮੇਰਾ ਨਾ ਕੋਈ ਭਰਾ
ਨਾ ਕੋਈ ਦੋਸਤ
ਮੇਰੀ ਆਪਣੀ ਹੈ
ਸਿਰਫ
' ਮੈਂ '
ਇਨਸਾਨ ਨੂੰ ਸ਼ਰਾਬੀ ਵਾਂਗ
ਝੂਮਣ ਲਾਉਂਦਾ ਹਾਂ
'ਮੈਂ ' ਦੀ ਡੁੱਗਡੁੱਗੀ ਤੇ
ਬਾਂਦਰ ਨਾਚ ਨਚਵਾਉਂਦਾ ਹਾਂ
ਇਸ ਦੇ ਜੰਮਣ ਤੋਂ ਲੈ ਕੇ ਮਰਨ ਤੱਕ
ਕਦਮ ਨਾਲ ਕਦਮ ਮਿਲਾਕੇ ਚਲਦਾ ਹਾਂ
ਮੈਂ ਲਾਲਚ ਹਾਂ
ਇਨਸਾਨ ਨੂੰ ' ਮੈਂ ' ਦਾ ਗੀਤ ਸਿਖਾਉਂਦਾ ਹਾਂ ।

Saturday, March 6, 2010

ਕਦੇ ਉਹ-

ਕਦੇ ਉਹ ਲੱਗਦੀ
ਮਿੱਠੇ ਖੁਆਬ ਜਿਹੀ

ਕਦੇ ਲੱਗਦੀ
ਕਿਸੇ ਖੁੱਲੀ ਕਿਤਾਬ ਜਿਹੀ

ਕਦੇ ਲੱਗਦੀ ਵਗਦੇ
ਝਨਾ ਜਿਹੀ

ਕਦੇ ਰੇਗਿਸਥਾਨ 'ਚ' ਖੜੇ
ਰੁੱਖ ਦੀ ਠੰਡੀ ਛਾਂ ਜਿਹੀ

ਕਦੇ ਲੱਗੇ ਰੱਬਦੇ
ਦੀਦਾਰ ਜਿਹੀ

ਕਦੇ ਮੈਨੂੰ ਲੱਗੇ
ਮੇਰੀ ਮਾਂ ਦੇ ਆਸ਼ੀਰਵਾਦ ਜਿਹੀ

ਕਦੇ ਮੈਨੂੰ ਲੱਗੇ
ਮੇਰੀ ਮਾਂ ਦੇ ਆਸ਼ੀਰਵਾਦ ਜਿਹੀ

Tuesday, February 9, 2010

ਹੈਰਾਨ ਹਾਂ !



ਹੈਰਾਨ ਹਾਂ !

ਪਤਝੜ ਦੇ ਪੱਤੇ
ਤੇਰੇ ਪੈਰਾਂ ਹੇਠ ਆ ਕੇ
ਸੰਗੀਤ ਪੈਦਾ ਕਰਨ ਲਈ
ਬੇਕਰਾਰ ਹਨ

ਠੰਡੀ ਪੌਣ ਤੇਰੇ ਨਾਲ
ਮਟਕ ਮਟਕ ਤੁਰਨਾ
ਚਾਹੁੰਦੀ ਹੈ

ਗੁਲਾਬ ਦਾ ਫੁੱਲ
ਇਸ ਆਸ ਤੇ ਖਿੜ ਰਿਹਾ ਹੈ
ਕਿ ਇੱਕ ਦਿਨ ਤੇਰੇ ਵਾਲਾਂ ਦਾ ਸ਼ਿਗਾਰ ਬਣੇਗਾ

ਤੇ

ਮੇਰਾ ਦਿਲ
ਇਸ ਆਸ ਤੇ ਧੜਕ ਰਿਹਾ
ਕਿ ਇੱਕ ਦਿਨ
ਤੇਰੇ ਦਿਲ ਨਾਲ ਧੜਕੇਗਾ

Wednesday, February 3, 2010

ਕੋਸ਼ਿਸ਼

ਆ ਮਿਲਕੇ ਕੋਈ
ਅਜਿਹਾ ਗੀਤ ਗਾਈਏ

ਜੋ ਛੱਡ ਚੁੱਕੇ ਹਨ
ਹੋਸਲਾ ਉੱਡਣ ਦਾ
ਉਨ੍ਹਾਂ ਦੇ ਪਰਾਂ 'ਚ' ਜਾਨ ਪਾਈਏ

ਠਰ ਚੁੱਕੇ ਘਰਾਂ ਨੂੰ
ਨਿੱਘ ਦਾ ਅਹਿਸਾਸ ਕਰਵਾਈਏ

ਥੱਕ ਚੁੱਕੀਆਂ ਰੂਹਾਂ ਨੂੰ
ਬਲਦੀ ਲਾਟ ਬਣਾਈਏ

ਉਸ ਟੁੱਟਦੇ ਤਾਰੇ ਨੂੰ
ਡੁਬਣੋਂ ਬਚਾਈਏ

ਆ ਮਿਲਕੇ ਕੋਈ
ਅਜਿਹਾ ਗੀਤ ਗਾਈਏ

ਆ ਮਿਲਕੇ ਕੋਈ
ਅਜਿਹਾ ਗੀਤ ਗਾਈਏ

Tuesday, May 12, 2009

ਬੂੱਚੜਖਾਨਾ

ਲੋਕਤੰਤਰ ਦੇ ਦਲਾਲਾਂ ਵਾਸਤੇ
ਇਕੱਠ ਕਰਨ ਲਈ
ਪਿੰਡ ਦੇ ਲੋਕਾਂ ਨੂੰ
ਬੂੱਚੜਖਾਨੇ ਲਿਜਾਣ ਵਾਲੀਆਂ
ਗਾਵਾਂ ਵਾਂਗ
ਘੇਰਾ ਪਾ ਕੇ
ਟਰਾਲੇ ਵਿੱਚ ਥੁੱਨ ਲਿਆ ਜਾਂਦਾ ਹੈ
ਪਰ ਇਹ ਖੁਸ਼ ਹਨ
ਮੁਫਤ ਜਾ ਰਹੇ ਨੇ
ਪਰ ਸ਼ਾਇਦ ਇਨ੍ਹਾ ਨੂੰ ਨੀ ਪਤਾ
ਇਹ ਹਲਾਲ ਹੋਣ ਤੋਂ
ਪਹਿਲਾਂ ਦੀ ਤਿਆਰੀ ਹੈ
ਖੁੱਲ੍ਹੇ ਮੈਦਾਨ ਜਾ ਕੇ ਇਨ੍ਹਾ ਦਾ
ਸੰਗਲ ਖੋਲ ਦਿੱਤਾ ਜਾਦਾਂ ਹੈ
ਇਹ ਇਨ੍ਹਾ ਦੇ ਭਾਸ਼ਨਾ ਦਾ
ਸ਼ਿਗਾਰ ਬਣਦੇ ਹਨ
ਬਾਂਦਰ ਵਾਂਗ ਮਦਾਰੀ ਦੇ ਡਮਰੂ ਵਜਾਉਣਤੇ
ਝੂਠੇ ਵਾਦਿਆਂ ਦੀ ਡੁੱਗਡੁੱਗੀ ਤੇ
ਤਾੜੀਆਂ ਮਾਰਦੇ ਨੇ
ਸ਼ਾਇਦ ਇਨ੍ਹਾ ਨੂੰ ਨੀ ਪਤਾ
ਅਗਲੇ ਪੰਜ ਸਾਲ
ਹੁਣ ਫੰਡਰ ਪਸ਼ੂ ਵਾਂਗ
ਇਨ੍ਹਾ ਕਿਸੇ ਨੂੰ ਪੁਛਣਾ ਨਹੀਂ
ਪਰ ਇਹ ਖੁਸ਼ ਹਨ
ਮੁਫਤ ਵਾਪਿਸ ਆ ਰਹੇ ਹਨ

Monday, May 4, 2009

ਬਿਰਹਾ ਦੀ ਲੋ

ਅਜੇ ਇਸ਼ਕੇ ਦੇ ਬੀਜ਼ ਨੇ
ਟੰਗੂਰ ਮਾਰਿਆ ਸੀ ਕਿ
ਬਿਰਹਾ ਦੀ ਲੋ ਵਗ ਪਈ

ਮੈਂ
ਹਰੇ ਭਰੇ ਰੁੱਖ ਤੋਂ
ਰੁੰਡ ਮਰੁੰਡ ਹੋ ਗਿਆ

ਪੱਤਝੜ ਦੇ ਪੱਤੇ ਵਾਂਗ
ਮਿੱਟੀ ਵਿੱਚ ਖਾਕ ਹੋ ਗਿਆ

ਹੁਣ ਹਾਲਤ
ਉਸ ਮਜਬੂਰ ਜੱਟ ਵਰਗੀ
ਜਿਸਦੀ ਪੱਕੀ ਫਸਲ ਅੱਗ ਲੱਗ ਗਈ

ਤੇ

ਭੜ੍ਹੀਂ ਤੇ ਖੜ੍ਹੇ ਉਸ ਸੁੱਕੇ ਰਿੰਡ ਵਰਗੀ
ਜੋ ਪਾਣੀ ਦੀ ਇੱਕ ਇੱਕ ਬੁੰਦ ਲਈ
ਤਰਸ ਰਿਹਾ

ਬਸ
ਅਜੇ ਇਸ਼ਕੇ ਦੇ ਬੀਜ਼ ਨੇ
ਟੰਗੂਰ ਮਾਰਿਆ ਸੀ ਕਿ
ਬਿਰਹਾ ਦੀ ਲੋ ਵਗ ਪਈ __

Monday, April 27, 2009

ਹੁਣ

ਨਾਂ ਹੁਣ ਕਦੇ ਹਰਟਾਂ ਦੀਆਂ ਟਿੰਡਾਂ
ਪਾਣੀ ਆਉਣਾ
ਨਾਂ ਹੁਣ ਕਦੇ ਬਲਦਾਂ ਦੀਆਂ ਟੱਲੀਆਂ
ਸੰਗੀਤ ਛੇੜਨਾ
ਨਾਂ ਹੁਣ ਕਦੇ ਕਿਸੇ ਖੇਤ ਚੋਂ ਤਿੱਤਰਾਂ
ਉਡਾਰੀ ਮਾਰਨੀ
ਨਾਂ ਹੁਣ ਕਿਸੇ ਰਾਝੇਂ ਨੇ ਹੀਰ ਲਈ
ਮੱਝੀਆਂ ਚਾਰਨੀਆਂ
ਨਾਂ ਹੁਣ ਕਿਸੇ ਸੱਸੀ ਨੇ ਪੁਨੂੰ ਲਈ
ਥਲ ਵਿਚ ਸੜਨਾ
ਨਾਂ ਹੁਣ ਕਿਸੇ ਖਿੜੇ ਫੁੱਲ ਨੂੰ ਦੇਖ ਕੇ
ਖੁਸ਼ ਹੋਣਾ
ਨਾਂ ਹੁਣ ਕਿਸੇ ਰੇਤੇ ਤੇ ਪਈਆਂ ਕਣੀਆਂ ਦੀ
ਖੁਸ਼ਬੂ ਨੂੰ ਮਾਨਣਾ
ਨਾਂ ਹੁਣ ਕਿਸੇ ਮੋਰ ਨੇ ਬਾਗ਼ੀ
ਪੈਲਾਂ ਪਾਉਣੀਆਂ
ਨਾਂ ਹੁਣ ਕਿਸੇ ਗੋਕਲਮੱਲ ਦੀ ਹੱਟੀ ਤੋਂ
ਰੁੰਗਾਂ ਲੈਣਾ
ਨਾਂ ਹੁਣ ਕਿਸੇ ਮੱਲ ਨੇ ਮੇਲੇ ਚ
ਝੰਡੀ ਕਰਨੀ
ਨਾਂ ਹੁਣ ਕਿਸੇ ਗੱਭਰੂ ਨੇ ਓਕ ਲਾ ਕੇ
ਘਿਉ ਪੀਣਾ
ਨਾਂ ਹੁਣ ਕਿਸੇ ਬੁਰੀ ਦਾ
ਡੋਕਾ ਚੁੰਗਣਾ
ਨਾਂ ਹੁਣ ਕਿਸੇ ਇਨਸਾਫ ਲਈ
ਸੰਘਰਸ਼ ਕਰਨਾ

ਹੁਣ ਹੈ ਤੇ ਗੁਲਾਮੀ
ਹੁਣ ਹੈ ਤੇ ਆਦਮਖੋਰੀ
ਹੁਣ ਹੈ ਤੇ ਰਿਸ਼ਵਤਖੋਰੀ
ਹੁਣ ਹੈ ਤੇ ਅਫਸਰਸ਼ਾਹੀ
ਹੁਣ ਹੈ ਤੇ ਵਗਦਾ ਦਰਿਆ ਨਸ਼ਿਆਂ ਦਾ
ਹੁਣ ਹੈ ਮਰਦਾ ਆਮ ਆਦਮੀ ਹਰਪਲ

ਬਸ ਹੁਣ
ਨਹੀਂ ਹੈ ਤੇ ਅਵਾਜ ਜੁਲਮ ਖਿਲਾਫ

ਬਸ ਹੁਣ
ਨਹੀਂ ਹੈ ਤੇ ਸੰਘਰਸ਼

ਸਿਰਫ ਸੰਘਰਸ਼

Friday, April 24, 2009

ਕਿਉਂ ?

ਕਿਉਂ ਕੋਈ ਮਾਸੂਮ ਕਲਮ ਦੀ ਥਾਂ ਭੱਠੀ ਚਲਾਉਂਦਾ ਹੈ

ਕਿਉਂ ਕੋਈ ਬੱਚੀ ਬੱਸ ਵਿਚ ਭੀਖ ਲਈ ਹੱਥ ਅੱਗੇ ਕਰਦੀ ਹੈ

ਕਿਉਂ ਕੋਈ ਜਵਾਨ ਧੀ ਨੂੰ ਬੁੱਢੇ ਨਾਲ ਵਿਆਹੁੰਦਾ ਹੈ

ਕਿਉਂ ਕੋਈ ਸਰਕਾਰ ਖਿਲਾਫ ਅਵਾਜ਼ ਉਠਾਉਂਦਾ ਹੈ

ਕਿਉਂ ਕੋਈ ਜਵਾਨੀ ਆਪਣੇ ਦੇਸ਼ ਨੂੰ ਛੱਡ ਪ੍ਰਦੇਸ਼ ਜਾਂਦੀ ਹੈ

ਕਿਉਂ ਕੋਈ ਗੱਭਰੂ ਨਸ਼ੇ ਦੀ ਲੱਤ ਲਗਾਉਂਦਾ ਹੈ

ਕਿਉਂ ਕੋਈ ਅਫਸਰਸ਼ਾਹੀ ਅੱਗੇ ਡਰਦਾ ਹੱਥ ਜੋੜਦਾ ਹੈ

ਕਿਉਂ ਕੋਈ ਜ਼ਿਮੀਦਾਰ ਖੁਦਕੁਸ਼ੀ ਕਰਦਾ ਹੈ

ਕਿਉਂ ?